ਆਦਮਪੁਰ (19-12-2024) : ਸਰਕਾਰੀ ਹਸਪਤਾਲਾਂ ਦੀ ਦਿੱਖ ਬਦਲਣ ਲਈ ਸ਼ੁਰੂ ਕੀਤੀ ਗਈ ਕਾਇਆਕਲਪ ਮੁਹਿੰਮ ਤਹਿਤ ਸ਼ਨੀਵਾਰ ਨੂੰ ਸੀਐਚਸੀ ਆਦਮਪੁਰ ਦਾ ਨਿਰੀਖਣ ਕੀਤਾ ਗਿਆ। ਡਾ. ਹਰਪੁਨੀਤ ਅਤੇ ਐਲ.ਟੀ. ਬਲਜਿੰਦਰ ਕੌਰ ਦੀ ਦੋ ਮੈਂਬਰੀ ਟੀਮ ਨੇ ਹਸਪਤਾਲ ਦੀ ਐਮਰਜੈਂਸੀ, ਅਪਰੇਸ਼ਨ ਥੀਏਟਰ, ਲੇਬਰ ਰੂਮ, ਓ.ਪੀ.ਡੀ, ਲੈਬ, ਫਾਰਮੇਸੀ ਆਦਿ ਦਾ ਮੁਆਇਨਾ ਕੀਤਾ ਅਤੇ ਇਸ ਦੀ ਗ੍ਰੇਡਿੰਗ ਕੀਤੀ। ਇਸ ਤੋਂ ਬਾਅਦ ਟੀਮ ਨੇ ਹਸਪਤਾਲ ਦੇ ਰਿਕਾਰਡ ਦੀ ਜਾਂਚ ਕੀਤੀ, ਜਿਸ ਵਿੱਚ ਰੋਜ਼ਾਨਾ ਦੇ ਕੰਮਕਾਜ ਅਤੇ ਸਫਾਈ ਦਾ ਰਿਕਾਰਡ ਸ਼ਾਮਲ ਸੀ।
ਸੀਨੀਅਰ ਮੈਡੀਕਲ ਅਫ਼ਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਕਾਇਆਕਲਪ ਮੁਹਿੰਮ ਤਹਿਤ ਹਸਪਤਾਲ ਪ੍ਰਬੰਧਨ ਨੂੰ ਆਪ ਹੀ ਹਦੂਦ ਦੀ ਸਫਾਈ, ਮਰੀਜ਼ਾਂ ਦੇ ਇਲਾਜ ਅਤੇ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਚ ਸੁਧਾਰ ਕਰਨਾ ਹੁੰਦਾ ਹੈ। ਇਨ੍ਹਾਂ ਸੁਧਾਰਾਂ ਦੇ ਆਧਾਰ 'ਤੇ ਹਰ ਸਾਲ ਹਸਪਤਾਲਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਪਹਿਲੇ ਪੜਾਅ ਵਿੱਚ ਕਾਮਯਾਬ ਹੋਣ ਤੋਂ ਬਾਅਦ ਇਹ ਦੂਜੇ ਪੜਾਅ ਦਾ ਮੁਲਾਂਕਣ ਕੀਤਾ ਗਿਆ ਹੈ। ਹੁਣ ਇਸ ਦੇ ਅਧਾਰ ‘ਤੇ ਹੀ ਰਾਜ ਦੇ ਸਭ ਤੋਂ ਵਧੀਆ ਹਸਪਤਾਲਾਂ ਦੀ ਚੋਣ ਕੀਤੀ ਜਾਵੇਗੀ।